You are currently viewing ਬਸਤੀਆਤ ਖੇਤਰਾਂ ’ਚੋਂ ਦਿੱਲੀ ਵਿਖੇ ਰੋਸ ਮਾਰਚ ਲਈ ਰਵਾਨਾ ਹੋਇਆ ਭਾਰੀ ਗਿਣਤੀ ’ਚ ਵੱਡਾ ਕਾਫਲਾ

ਬਸਤੀਆਤ ਖੇਤਰਾਂ ’ਚੋਂ ਦਿੱਲੀ ਵਿਖੇ ਰੋਸ ਮਾਰਚ ਲਈ ਰਵਾਨਾ ਹੋਇਆ ਭਾਰੀ ਗਿਣਤੀ ’ਚ ਵੱਡਾ ਕਾਫਲਾ

ਜਲੰਧਰ- ਜਲੰਧਰ ਸ਼ਹਿਰ ਦੇ ਬਸਤੀਆਤ ਖੇਤਰਾਂ ’ਚੋਂ ਅਕਾਲੀ ਲੀਡਰ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ, ਯੂਥ ਲੀਡਰ ਸੁਖਮਿੰਦਰ ਸਿੰਘ ਰਾਜਪਾਲ ਤੇ ਜੱਥੇਦਾਰ ਪ੍ਰੀਤਮ ਸਿੰਘ ਮਿੱਠੂ ਬਸਤੀ ਦੀ ਅਗਵਾਈ ਵਿਚ ਅੱਜ 50 ਤੋਂ ਵੱਧ ਗੱਡੀਆਂ ਦਾ ਕਾਫਲਾ ਦਿੱਲੀ ਵਿਖੇ ਰੋਸ ਮਾਰਚ ਲਈ ਰਵਾਨਾ ਹੋਇਆ। ਇਹ ਕਾਫਲਾ ਜੈਕਾਰਿਆਂ ਦੀ ਗੂੰਝ ਵਿਚ ਸ੍ਰੀ ਗੁਰੂ ਰਵਿਦਾਸ ਚੌਂਕ ਤੋਂ ਦਿੱਲੀ ਲਈ ਰਵਾਨਾ ਹੋਇਆ, ਜੋ ਕਿ ਰਾਤੋਂ-ਰਾਤ ਦਿੱਲੀ ਪਹੁੰਚੇਗਾ। ਇਸ ਕਾਫਲੇ ਵਿਚ ਇਸਤਰੀ ਅਕਾਲੀ ਦਲ ਜੱਥਾ ਵੀ ਸ਼ਾਮਲ ਹੈ।

ਇਸ ਮੌਕੇ ਅਕਾਲੀ ਲੀਡਰ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ ਨੇ ਕਿਹਾ ਕਿ ਦੇਸ਼ ਦੇ ਅੰਨਦਾਤਾ ਕਿਸਾਨ ਨੇ ਸਾਰੀ ਜ਼ਿੰਦਗੀ ਮਿਹਨਤ ਕਰਕੇ ਦੇਸ਼ ਦੀ ਜਨਤਾ ਦਾ ਢਿੱਡ ਭਰਿਆ ਹੈ, ਚਾਹੇ ਉਸ ਦਾ ਬੱਚਾ ਭੁੱਖਾ ਰਿਹਾ ਪਰ ਉਸ ਨੇ ਸਭ ਦੇ ਬੱਚਿਆਂ ਵਾਸਤੇ ਅੰਨ ਉਗਾਇਆ ਪਰ ਕਿਸਾਨ ਵਿਰੋਧੀ ਸਰਕਾਰ ਨੇ ਅੰਨਦਾਤੇ ਦਾ ਅਪਮਾਨ ਕੀਤਾ ਹੈ ਅਤੇ ਉਸ ਦਾ ਕਾਫੀ ਨੁਕਸਾਨ ਕੀਤਾ ਹੈ। ਉਥੇ ਹੀ ਦੇਸ਼ ਉਤੇ ਜਦੋਂ ਵੀ ਕੋਈ ਆਫਤ ਆਈ ਹੈ ਤਾਂ ਪੰਜਾਬ ਦੇ ਲੋਕ ਮਦਦ ਲਈ ਹਮੇਸ਼ਾ ਅੱਗੇ ਰਹੇ ਹਨ।

ਯੂਥ ਲੀਡਰ ਸੁਖਵਿੰਦਰ ਸਿੰਘ ਰਾਜਪਾਲ ਨੇ ਦੱਸਿਆ ਕਿ ਕਿਸਾਨ ਅੰਦੋਲਨ ਦੌਰਾਨ ਕਈ ਲੋਕਾਂ ਨੂੰ ਜਾਨ ਵੀ ਗੁਆਉਣੀ ਪਈ ਪਰ ਭਾਰਤੀ ਜਨਤਾ ਪਾਰਟੀ ਸਰਕਾਰ ਦੇ ਕੰਨ ’ਤੇ ਅਜੇ ਤਕ ਵੀ ਜੂੰਅ ਨਹੀਂ ਸਰਕੀ ਹੈ। ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜੋ ਕਿ ਕਿਸਾਨਾਂ ਦੀ ਆਪਣੀ ਪਾਰਟੀ ਹੈ, ਉਹ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੀ ਹੈ।

ਜੱਥੇਦਾਰ ਪ੍ਰੀਤਮ ਸਿੰਘ ਮਿੱਠੂ ਨੇ ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਪਾਰਟੀ ਦੇ ਆਗੂਆਂ ਅਤੇ ਪਾਰਟੀ ਵਰਕਰਾਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਆਪਣੇ ਜਿਲ੍ਹਾ ਅਕਾਲੀ ਜੱਥੇ ਦੇ ਸਾਰੇ ਵਰਕਰ ਸਾਹਿਬਾਨ, ਲੀਡਰ ਸਾਹਿਬਾਨ ਨਾਲ ਭਾਰੀ ਗਿਣਤੀ ’ਚ ਦਿੱਲੀ ਪਹੁੰਚਣ ਤਾਂ ਜੋ ਇਹ ਅੰਨੀ, ਬੋਲੀ ਤੇ ਗੂੰਗੀ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਿਆ ਜਾ ਸਕੇ ਅਤੇ ਕਿਸਾਨ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਇਆ ਜਾ ਸਕੇ।

ਇਸ ਮੌਕੇ ਸ. ਅਕਾਲੀ ਲੀਡਰ ਤੇ ਸਾਬਕਾ ਕੌਂਸਲਰ ਸ. ਮਨਜੀਤ ਸਿੰਘ ਟੀਟੂ, ਯੂਥ ਲੀਡਰ ਸੁਖਮਿੰਦਰ ਸਿੰਘ ਰਾਜਪਾਲ, ਜੱਥੇਦਾਰ ਪ੍ਰੀਤਮ ਸਿੰਘ ਮਿੱਠੂ, ਅਮਰਪ੍ਰੀਤ ਸਿੰਘ, ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਕਾਕਾ, ਨਵਜੋਤ ਸਿੰਘ ਮਾਲਟਾ, ਜੋਤੀ ਟੰਡਨ, ਨਰਿੰਦਰ ਨੰਦਾ, ਗੋਰੀ ਗਗਨ, ਵਰਦਾਨ ਕਾਂਸਰਾ, ਪ੍ਰੀਤਮ ਸਿੰਘ, ਸੁਰਜੀਤ ਸਿੰਘ, ਅਜੀਤ ਸਿੰਘ, ਮਹਿੰਦਰ ਸਿੰਘ ਗੋਲੀ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਵਰਿਆਣ ਸਿੰਘ, ਮਾਨ ਸਿੰਘ, ਇੰਦਰ ਸਿੰਘ, ਲਖਬੀਰ ਸਿੰਘ, ਹਰਮਨ ਅਸਜੀਜਾ, ਨਿਰਵੈਰ ਸਿੰਘ ਸੱਜਣ, ਸੁਖਜਿੰਦਰ ਸਿੰਘ, ਮਨਮੀਤ ਸਿੰਘ, ਹਰਭਜਨ ਸਿੰਘ ਅਤੇ ਅੰਕੁਸ਼ ਸ਼ਰਮਾ ਮੌਜੂਦ ਸਨ।

ਦੱਸਣਯੋਗ ਹੈ ਕਿ ਕੇਂਦਰ ਸਰਕਾਰ ਦੇ ਕਾਲੇ ਕਾਨੂੰਨਾਂ ਖਿਲਾਫ ਦਿੱਲੀ ਵਿਖੇ 17 ਸਤੰਬਰ ਨੂੰ ਰੋਸ ਮਾਰਚ ਕੱਢੇ ਜਾਣ ਦੀ ਮਨਜ਼ੂਰੀ ਨਾ ਮਿਲਣ ਦੇ ਬਾਵਜੂਦ ਵੀ ਸ਼੍ਰੋਮਣੀ ਅਕਾਲੀ ਦਲ ਵਲੋਂ ਇਹ ਰੋਸ ਮਾਰਚ ਸ਼ਾਂਤਮਈ ਢੰਗ ਨਾਲ ਕੱਢਣ ਦਾ ਐਲਾਨ ਕੀਤਾ ਗਿਆ ਹੈ।