ਜਲੰਧਰ( ਅਮਨ ਬੱਗਾ) ਫਰਜ਼ੀ ਕਾਗਜ਼ਾਤ ਰਾਹੀਂ UK ਦੇ ਵੀਜ਼ੇ ਲਗਵਾਉਣ ਵਾਲੇ ਟ੍ਰੈਵਲ ਏਜੰਟਾਂ ਦੇ ਗਿਰੋਹ ‘ਤੇ ਯੂਕੇ ਅੰਬੈਸੀ ਵੱਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਜਲੰਧਰ ਪੁਲੀਸ ਕਮਿਸ਼ਨਰੇਟ ਨੇ ਪਰਚਾ ਦਰਜ ਕੀਤਾ ਸੀ। ਜਿਸ ਵਿਚ ਜਲੰਧਰ ਦੇ ਦੋ ਟਰੈਵਲ ਏਜੰਟਾਂ, ਇਕ ਫਗਵਾੜੇ ਦੇ ਅਤੇ ਤਿੰਨ ਦਿੱਲੀ ਦੇ ਟ੍ਰੈਵਲ ਏਜੰਟਾਂ ‘ਤੇ ਪੁਲੀਸ ਕੇਸ ਦਰਜ ਕੀਤਾ ਗਿਆ ਸੀ।
ਹੈਰਾਨੀ ਦੀ ਗੱਲ ਤਾਂ ਇਹ ਰਹੀ ਕਿ ਉਨ੍ਹਾਂ ਟਰੈਵਲ ਏਜੰਟਾਂ ਦੇ ਖਿਲਾਫ਼ ਯੂਕੇ ਅੰਬੈਸੀ ਵੱਲੋਂ ਸ਼ਿਕਾਇਤ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ,ਵਰਨਾ ਜ਼ਿਲ੍ਹੇ ਦੀ ਪੁਲੀਸ ਨੂੰ ਪਤਾ ਹੀ ਨਹੀਂ ਚੱਲਣਾ ਸੀ ਕਿ ਉਨ੍ਹਾਂ ਦੇ ਗੁਆਂਢ ਆਫਿਸ ਚਲਾਉਣ ਵਾਲੇ ਟ੍ਰੈਵਲ ਏਜੰਟ ਫਰਜ਼ੀ ਕਾਗਜ਼ਾਤ ਦੇ ਸਹਾਰੇ ਲੋਕਾਂ ਦੇ ਯੂਕੇ ਦੇ ਵੀਜ਼ੇ ਲਗਵਾ ਰਹੇ ਹਨ! ਪਰ ਯੂਕੇ ਅੰਬੈਸੀ ਦੇ ਦਖ਼ਲ ਤੋਂ ਬਾਅਦ ਦਿੱਲੀ ਹਾਈ ਕਮਿਸ਼ਨ ਦੇ ਨਿਰਦੇਸ਼ਾਂ ‘ਤੇ ਜਲੰਧਰ ਪੁਲੀਸ ਨੇ ਇਨ੍ਹਾਂ 6 ਟ੍ਰੈਵਲ ਏਜੰਟਾਂ ਦੇ ਖਿਲਾਫ ਧੋਖਾਧੜੀ ਦਾ ਪਰਚਾ ਤਾਂ ਦਰਜ ਕਰ ਲਿਆ ਪਰ ਇਸ ਦੇ ਬਾਵਜੂਦ ਜਲੰਧਰ ਦੇ ਦੋਵੇਂ ਟ੍ਰੈਵਲ ਏਜੰਟ ਸ਼ਰ੍ਹੇਆਮ ਆਪਣੇ ਦਫਤਰਾਂ ਵਿੱਚ ਘੁੰਮਦੇ ਦੇਖੇ ਗਏ ਹਨ ਅਤੇ ਸ਼ਹਿਰ ਵਿੱਚ ਵੀ ਆਪਣੀ ਕਾਰ ਵਿੱਚ ਘੁੰਮਦੇ ਨਜ਼ਰ ਆ ਰਹੇ ਹਨ!
ਜਿਨ੍ਹਾਂ ਨੂੰ ਪੁਲੀਸ ਪਕੜ ਨਹੀਂ ਰਹੀ।
ਦੂਜੇ ਪਾਸੇ ਖ਼ਬਰ ਇਹ ਵੀ ਹੈ ਕਿ ਉਕਤ ਇਕ ਟਰੈਵਲ ਏਜੰਟ ਨੇ ਆਪਣੇ ਉੱਤੇ ਪਰਚਾ ਦਰਜ ਹੋਣ ਤੋਂ ਪਹਿਲਾਂ ਹੀ ਆਪਣੀ ਕੰਪਨੀ ਦਾ ਨਾਮ ਬਦਲ ਕੇ ਕੋਈ ਹੋਰ ਰੱਖ ਲਿਆ ਤੇ ਨਵੀਂ ਟਰੈਵਲ ਏਜੰਸੀ ਸ਼ੁਰੂ ਕਰ ਲਈ ਹੈ। ਜਿਸ ਦਾ ਲਾਇਸੈਂਸ ਉਸ ਨੇ ਆਪਣੀ ਇਕ ਮਹਿਲਾ ਮੁਲਾਜ਼ਮ ਦੇ ਨਾਮ ‘ਤੇ ਲਿਆ ਹੈ ਅਤੇ ਉਸ ਮਹਿਲਾ ਮੁਲਾਜ਼ਮ ਤੇ ਏਨੀ ਦਿਆਲਤਾ ਕੀਤੀ ਹੈ ਕਿ ਉਸ ਨੂੰ ਇਕ ਲੰਬੀ ਕਾਰ ਲੈ ਕੇ ਦਿੱਤੀ ਹੋਈ ਹੈ। ਜਿਸ ਵਿੱਚ ਉਹ ਆਫਿਸ ਆਉਂਦੀ ਜਾਂਦੀ ਹੈ।
ਹੈਰਾਨੀ ਦੀ ਗੱਲ ਹੈ ਕਿ ਪੁਲੀਸ ਵੱਲੋਂ ਉਨ੍ਹਾਂ ਟਰੈਵਲ ਏਜੰਟਾਂ ਨੂੰ ਪਕੜਨ ‘ਤੇ ਕੋਈ ਦਿਲਚਸਪੀ ਨਹੀਂ ਦਿਖਾਈ ਜਾ ਰਹੀ ,ਜਿਨ੍ਹਾਂ ਟ੍ਰੈਵਲ ਏਜੰਟਾਂ ਉੱਤੇ ਹਾਈ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਪਰਚਾ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਖ਼ਬਰ ਇਹ ਵੀ ਆ ਰਹੀ ਹੈ ਕਿ ਇਨ੍ਹਾਂ ਟਰੈਵਲ ਏਜੰਟਾਂ ਵਿੱਚੋਂ ਦੋ ਟਰੈਵਲ ਏਜੰਟਾਂ ਨੂੰ ਛੁਡਵਾਉਣ ਲਈ ਜ਼ਿਲ੍ਹਾ ਕਮਿਸ਼ਨਰੇਟ ਪੁਲਿਸ ਦੇ ਸਾਬਕਾ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸਾਬਕਾ ਸੀਨੀਅਰ ਪੁਲੀਸ ਅਧਿਕਾਰੀ ਵੱਲੋਂ ਆਪਣੀ ਨੌਕਰੀ ਤੋਂ ਬਾਅਦ ਜਿਸ ਤਰੀਕੇ ਨਾਲ ਆਪਣੀ ਪਾਵਰ ਦਾ ਇਸਤੇਮਾਲ ਕਰਦੇ ਹੋਏ ਆਰੋਪੀ ਟਰੈਵਲ ਏਜੰਟਾਂ ਨੂੰ ਛੁਡਾਉਣ ਲਈ ਮੌਜੂਦਾ ਪੁਲੀਸ ਅਧਿਕਾਰੀਆਂ ਤੇ ਦਬਾਅ ਪਾਇਆ ਜਾ ਰਿਹਾ ਹੈ, ਉਸ ਤੋਂ ਸਵਾਲ ਖੜ੍ਹੇ ਹੁੰਦੇ ਹਨ, ਜਦੋਂ ਇਹ ਜਨਾਬ ਨੌਕਰੀ ਵਿੱਚ ਹੋਣਗੇ ਤਾਂ ਇਨ੍ਹਾਂ ਨੇ ਕੀ ਕੀ ਕਾਰਜਸਤਾਨੀਆਂ ਕੀਤੀਆਂ ਹੋਣਗੀਆਂ।
ਸੂਤਰ ਦੱਸਦੇ ਹਨ ਕਿ ਨੌਕਰੀ ਤੋਂ ਬਾਅਦ ਉਕਤ ਉੱਚ ਪੁਲੀਸ ਅਧਿਕਾਰੀ ਵੱਲੋਂ ਰਾਜਨੀਤੀ ਵਿਚ ਕਦਮ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਵੀ ਆਪਣੀ ਕਿਸਮਤ ਅਜ਼ਮਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ।
ਇਸੇ ਲਈ ਆਪਣੇ ਨਵੇਂ ਸਮਰਥਕਾਂ ਦੀ ਗਿਣਤੀ ਵਧਾਉਣ ਲਈ ਹੀ ਸ਼ਾਹੂਕਾਰ ਟਰੈਵਲ ਏਜੰਟਾਂ ਦਾ ਸਾਥ ਦੇ ਰਹੇ ਹਨ ਅਤੇ ਕੋਸ਼ਿਸ਼ ਕਰ ਰਹੇ ਹਨ ਕਿ ਉਨ੍ਹਾਂ ਦਾ ਨਾਮ ਪਰਚੇ ਵਿੱਚੋਂ ਬਾਹਰ ਕਢਵਾ ਕੇ ਉਨ੍ਹਾਂ ਨੂੰ ਆਪਣੀ ਚੁਣਾਵੀ ‘ਸਾਮੀ’ ਬਣਾ ਸਕਣ, ਪਰ ਦੇਖਣਾ ਹੋਵੇਗਾ ਕਿ ਕੀ ਜ਼ਿਲ੍ਹਾ ਪੁਲੀਸ ਆਪਣੇ ਹੀ ਸਾਬਕਾ ਉੱਚ ਅਧਿਕਾਰੀ ਦੇ ਦਬਾਅ ਹੇਠ ਯੂਕੇ ਅੰਬੈਸੀ ਵੱਲੋਂ ਦਿੱਤੀ ਗਈ ਸ਼ਿਕਾਇਤ ਨੂੰ ਦਰਕਿਨਾਰ ਕਰਦੇ ਹੋਏ, ਇਨ੍ਹਾਂ ਟਰੈਵਲ ਏਜੰਟਾਂ ‘ਤੇ ਦਿਆ ਕਰ ਕੇ ਇਨ੍ਹਾਂ ਦਾ ਨਾਂ ਪਰਚੇ ਵਿੱਚੋਂ ਬਾਹਰ ਕੱਢਦੇ ਹਨ ਜਾਂ ਫਿਰ ਇਨ੍ਹਾਂ ਤੇ ਸਖਤ ਕਾਰਵਾਈ ਹੁੰਦੀ ਹੈ।