You are currently viewing ਮੋਦੀ ਸਰਕਾਰ ਦੇ ਦਿਨ ਗਿਣਤੀ ਦੇ ਰਹਿ ਗਏ ਹਨ, ਯੂਪੀਏ -3 ਦੀ ਸਰਕਾਰ ਦੇ ਗਠਨ ਨੂੰ ਸਿਰਫ ਇਕ ਹਫਤਾ ਬਾਕੀ- ਚੋਧਰੀ ਸੰਤੋਖ ਸਿੰਘ

ਮੋਦੀ ਸਰਕਾਰ ਦੇ ਦਿਨ ਗਿਣਤੀ ਦੇ ਰਹਿ ਗਏ ਹਨ, ਯੂਪੀਏ -3 ਦੀ ਸਰਕਾਰ ਦੇ ਗਠਨ ਨੂੰ ਸਿਰਫ ਇਕ ਹਫਤਾ ਬਾਕੀ- ਚੋਧਰੀ ਸੰਤੋਖ ਸਿੰਘ

ਭੋਗਪੁਰ (ਅਮਨ ਬੱਗਾ)- ਜਲੰਧਰ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਕਾਂਗਰਸ ਦੇ ਉਮੀਦਵਾਰ ਚੋਧਰੀ ਸੰਤੋਖ ਸਿੰਘ ਨੇ ਦਾਅਵਾ ਕੀਤਾ ਹੈ ਕਿ ਪੰਜਾਬੀ ਮੋਦੀ ਅਤੇ ਅਮਿਤ ਸ਼ਾਹ ਦੀ ਨਫ਼ਰਤ ਭਰੀ ਸਿਆਸਤ ਨਾਲ ਨਫ਼ਰਤ ਕਰਦੇ ਹਨ ਅਤੇ ਇਨਾਂ ਲੋਕ ਸਭਾ ਚੋਣਾਂ ਵਿਚ ਲੋਕ ਅਕਾਲੀ-ਬੀ ਜੇ ਪੀ ਵਰਗੀਆਂ ਫਿਰਕੂ ਤਾਕਤਾਂ ਨੂੰ ਰੱਦ ਕਰ ਦੇਣਗੇ।

ਆਦਮਪੁਰ ਵਿਧਾਨਸਭਾ ਹਲਕੇ ਦੇ ਭੋਗਪੁਰ ਇਲਾਕੇ ਵਿਚ ਅੱਜ ਸੀਨੀਅਰ ਕਾਂਗਰਸ ਨੇਤਾ ਤੇ ਸਾਬਕਾ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਨਾਲ ਲੜੀਵਾਰ ਕਈ ਸਿਆਸੀ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੰਜਾਬ ਅਤੇ ਪੰਜਾਬੀ ਇਕ ਦਹਾਕੇ ਤਕ ਪੰਜਾਬ ਨੂੰ ਬਰਬਾਦ ਕਰ ਦੇਣ ਵਾਲੇ ਅੱਤਵਾਦ ਦੇ ਕਾਲੇ ਦੌਰ ਅਤੇ ਅਕਾਲੀ -ਬੀ ਜੇ ਪੀ ਦੀ ਨਫ਼ਰਤ ਵਾਲੀ ਸਿਆਸਤ ਕਾਰਨ ਪਹਿਲਾਂ ਹੀ ਵਧੇਰੇ ਮਾਰ ਝੱਲ ਚੁਕੇ ਹਨ ਅਤੇ ਹੁਣ ਸ਼ਾਂਤੀ ਅਤੇ ਫਿਰਕੂ ਭਾਈਚਾਰੇ ਵਾਲੇ ਵਾਤਾਵਰਣ ਵਿਚ ਰਹਿਣਾ ਚਾਹੁੰਦੇ ਹਨ।

ਚੋਧਰੀ ਸੰਤੋਖ ਸਿੰਘ ਨੇ ਸਵਾਲ ਕੀਤਾ ਕਿ ਇਸ ਬਾਰ ਦੀਆਂ ਚੋਣਾਂ ਵਿਚ ਵਿਕਾਸ ਦਾ ਮੁੱਦਾ ਹੁਣ ਕਿਥੇ ਹੈ ਜਿਸਨੂੰ 2014 ਦੀ ਲੋਕ ਸਭਾ ਚੋਣਾਂ ਵਿਚ ਇਕ ਵਡਾ ਮੁੱਦਾ ਬਣਾ ਕੇ ਮੋਦੀ ਨੇ ਚੋਣਾਂ ਜਿਤਿਆਂ ਸਨ। ਉਨਾਂ ਕਿਹਾ ਕਿ ਮੋਦੀ ਦਾ ਵਿਕਾਸ ਜਨਮ ਲੈਣ ਤੋਂ ਪਹਿਲਾਂ ਹੀ ਮਰ ਗਿਆ ਹੈ। ਇਸੇ ਲਈ ਭਗਵਾ ਪਾਰਟੀ ਨੇ ਇਸ ਬਾਰ ਦੀਆਂ ਲੋਕ ਸਭਾ ਚੋਣਾਂ ਵਿਚ ਆਪਣੇ ਚੋਣ ਮਨੋਰਥ ਪੱਤਰ ਵਿਚ ਵਿਕਾਸ ਦੇ ਮੁੱਦੇ ਦਾ ਜਿਕਰ ਤਕ ਨਹੀ ਕੀਤਾ। ਉਨਾਂ ਕਿਹਾ ਕਿ ਮੋਦੀ ਨੇ ਭਾਰਤੀ ਰਿਜਰਵ ਬੈਂਕ, ਸੀ ਬੀ ਆਈ , ਭਾਰਤੀ ਫੌਜ਼ ਦਾ ਸਿਆਸੀਕਰਨ ਕਰ ਦਿਤਾ ਅਤੇ ਇਥੋਂ ਤਕ ਕਿ ਭਾਰਤੀ ਚੋਣ ਕਮਿਸ਼ਨ ਨੂੰ ਵੀ ਨਹੀ ਬਖਸ਼ਿਆ ਜੋ ਚੋਣ ਕਮਿਸ਼ਨ ਵਲੋਂ ਬੀ ਜੇ ਪੀ ਦੇ ਉਮੀਦਵਾਰਾਂ ਵਿਰੁੱਧ ਚੋਣ ਜਾਬਤੇ ਦੀ ਉਲੰਘਣਾ ਦੇ ਮਾਮਲਿਆਂ ਵਿਚ ਲਏ ਗਏ ਬੀ ਜੇ ਪੀ ਉਮੀਦਵਾਰਾਂ ਨੂੰ ਫਾਇਦਾ ਪਹੁੰਚਾਣ ਸੰਬੰਧੀ ਫੈਸਲਿਆਂ ਤੋਂ ਸਾਬਿਤ ਹੁੰਦਾ ਹੈ।

ਚੋਧਰੀ ਸੰਤੋਖ ਸਿੰਘ ਨੇ ਪੁੱਛਿਆ ਕਿ ਮੋਦੀ ਨੋਟਬੰਦੀ ਵਰਗੇ ਜੋਖਿਮ ਭਰੇ ਆਪਣੇ ਕਾਲੇ ਕਾਰਨਾਮੇ ਤੇ ਚੁੱਪੀ ਕਿਉਂ ਸਾਧੇ ਹੋਏ ਹਨ? ਨੋਟਬੰਦੀ ਤੇ ਉਹ ਹੁਣ ਲੋਕਾਂ ਕੋਲੋਂ ਵੋਟਾਂ ਕਿਉਂ ਨਹੀ ਮੰਗਦੇ? ਮੋਦੀ ਦੇਸ਼ ਅਤੇ ਦੇਸ਼ ਵਾਸੀਆਂ ਨੂੰ ਨੋਟਬੰਦੀ ਤੋਂ ਕੀ ਹਾਸਿਲ ਹੋਇਆ, ਕਿਉਂ ਨਹੀ ਦਸਦੇ ? ਸਵਿਸ ਬੈਂਕ ਤੋਂ ਕਾਲਾ ਧਨ ਵਾਪਸ ਲਿਆਉਣ ਦੇ ਮਾਮਲੇ ਦਾ ਕੀ ਬਣਿਆ ? ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਆਪਣੇ ਆਪ ਨੂੰ ਪੰਥਿਕ ਪਾਰਟੀ ਅਖਵਾਉਣ ਦਾ ਨੈਤਿਕ ਅਧਿਕਾਰ ਗੁਆ ਬੈਠਾ ਹੈ ਕਿਉਂਕਿ ਬਾਦਲਾਂ ਦਾ ਪੰਥ ਵਿਰੋਧੀ ਅਸਲ ਚਿਹਰੇ ਦਾ ਸਿਖਾਂ ਸਾਹਮਣੇ ਉਸ ਵੇਲੇ ਹੀ ਭੰਡਾਫੋੜ ਹੋ ਗਿਆ ਸੀ ਜਦੋਂ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਸ਼ਾਂਤੀ ਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਸਿੱਖਾਂ ਤੇ ਉਨਾਂ ਦੇ ਰਾਜ ਦੌਰਾਨ ਪੁਲਿਸ ਵਲੋਂ ਫਾਇਰਿੰਗ ਕੀਤੇ ਜਾਣ ਤੇ ਦੋ ਸਿੱਖ ਨੌਜਵਾਨਾਂ ਦੀ ਹਤਿਆ ਦੇ ਮਾਮਲਿਆਂ ਵਿਚ ਬਾਦਲਾਂ ਦਾ ਸ਼ੱਕੀ ਰੋਲ ਸਾਹਮਣੇ ਆਇਆ ਸੀ। ਉਨਾਂ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਜਲੰਧਰ ਦੇ ਲੋਕ ਇਹ ਫੈਸਲਾ ਲੈਣ ਕਿ ਉਨਾਂ ਨੇ ਅਕਾਲੀ ਦਲ ਵਲੋਂ ਖੜੇ ਕੀਤੇ ਗਏ ਬਾਹਰੀ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਦੀ ਚੋਣ ਕਰਨੀ ਹੈ ਜਾ ਫੇਰ ਉਸ ਵਿਅਕਤੀ ਦੀ ਜੋ ਕਾਗਰਸ ਦਾ ਉਮੀਦਵਾਰ ਹੈ ਅਤੇ ਹਮੇਸ਼ਾ ਲੋਕਾਂ ਲਈ ਉਪਲਬਧ ਰਹਿੰਦਾ ਹੈ।

ਉਨਾਂ ਕਿਹਾ ਕਿ ਜਦੋਂ ਜਦੋਂ ਵੀ ਅਕਾਲੀ ਸਰਕਾਰ ਨੇ ਪੰਜਾਬ ਦੀ ਹਕੂਮਤ ਸੰਭਾਲੀ ਹੈ, ਉਦੋਂ ਉਦੋਂ ਹੀ ਬੇਅਦਬੀ ਦੀਆਂ ਘਟਨਾਵਾਂ ਵਿਚ ਵਾਧਾ ਹੋਇਆ ਹੈ। ਇਹ ਗੱਲ ਅਕਾਲੀ- ਬੀ ਜੇ ਪੀ ਗਠਜੋੜ ਦੀ ਸੂਬੇ ਵਿਚ ਰਹੀ ਦਸ ਸਾਲਾਂ ਤਕ ਸਰਕਾਰ ਦੀ ਕਾਰਜਕਾਲ ਦੌਰਾਨ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਤੋਂ ਸਾਬਿਤ ਹੁੰਦਾ ਹੈ। ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਲੋਕਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ 2017 ਵਿਚ ਅਕਾਲੀ-ਬੀਜੇਪੀ ਸਰਕਾਰ ਦੇ ਪੰਜਾਬ ਦੀ ਸੱਤਾ ਤੋਂ ਬਾਹਰ ਹੋਣ ਦੇ ਦੋ ਸਾਲਾਂ ਦੌਰਾਨ ਸੂਬੇ ਵਿਚ ਬੇਅਦਬੀ ਦੀ ਇਕ ਵੀ ਘਟਨਾ ਕਿਉਂ ਨਹੀ ਹੋਈ। ਉਨਾਂ ਕਿਹਾ ਕਿ ਇਹ ਇਕ ਕੌੜਾ ਸੱਚ ਹੈ ਕਿ ਬੇਅਦਬੀ ਦੀਆਂ ਘਟਨਾਵਾਂ ਪਿਛੇ ਅਕਾਲੀ ਦਲ ਦੀ ਕਥਿਤ ਭੂਮਿਕਾ ਸੀ। ਇਸ ਲਈ ਹੀ ਅਕਾਲੀ ਲੀਡਰਸ਼ਿਪ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਾਉਣ ਵਿਚ ਵੀ ਨਾਕਾਮ ਰਹੀ।

ਚੋਧਰੀ ਸੰਤੋਖ ਸਿੰਘ ਨੇ ਕਿਹਾ ਹੈ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਭੋਗਪੁਰ ਦੀ ਖਸਤਾਹਾਲ ਖੰਡ ਮਿੱਲ ਨੂੰ ਮੁੜ ਤੋਂ ਸੁਰਜੀਤ ਕਰਕੇ ਉਸਦਾ ਆਧੁਨਿਕੀਕਰਨ ਕਰਨ ਲਈ ਵਚਨਵੱਧ ਹੈ। ਉਨਾਂ ਕਿਹਾ ਕਿ ਜੂਨ ਮਹੀਨੇ ਤੋਂ ਬਾਅਦ ਸਬ ਤੋਂ ਪੁਰਾਣੀ ਇਸ ਖੰਡ ਮਿੱਲ ਵਿਚ 115 ਕਰੋੜ ਰੁਪਏ ਦੀ ਲਾਗਤ ਦਾ ਨਵਾਂ ਸ਼ੂਗਰ ਪਲਾਂਟ ਸਥਾਪਿਤ ਕਰਕੇ ਇਸਦਾ ਮੁਕੰਮਲ ਆਧੁਨਿਕੀਕਰਨ ਕੀਤਾ ਜਾਵੇਗਾ।

ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭੋਗਪੁਰ ਦੀ ਖੰਡ ਮਿੱਲ ਦੇ ਆਧੁਨਿਕੀਕਰਨ ਸੰਬੰਧੀ ਖ਼ਾਕੇ ਨੂੰ ਪਹਿਲਾਂ ਤੋਂ ਹੀ ਹਰੀ ਝੰਡੀ ਦੇ ਰੱਖੀ ਹੈ ਅਤੇ ਅਗਲੇ ਮਹੀਨੇ ਜੂਨ ਵਿਚ 3000 ਟੀਸੀਡੀ ਦੀ ਸਮੱਰਥਾ ਵਾਲਾ ਨਵਾਂ ਸ਼ੁਗਰ ਪਲਾਂਟ 115 ਕਰੋੜ ਰੁਪਏ ਖਰਚ ਕੇ ਸਥਾਪਿਤ ਕੀਤਾ ਜਾਵੇਗਾ। ਉਨਾਂ ਕਿਹਾ ਕਿ ਕਾਂਗਰਸ ਇਸ ਗੱਲ ਨੂੰ ਯਕੀਨੀ ਬਣਾਵੇਗੀ ਕਿ ਕਿਸਾਨਾਂ ਨੂੰ ਉਨਾਂ ਦੇ ਉਤਪਾਦਨ ਦਾ ਢੁਕਵਾਂ ਮੁੱਲ ਮਿਲੇ। ਉਨਾਂ ਕਿਹਾ ਕਿ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਵੇਗਾ ਕਿ ਭੋਗਪੁਰ ਸਹਿਕਾਰੀ ਖੰਡ ਮਿੱਲ ਦਾ ਆਧੁਨਿਕ ਪਲਾਂਟ ਜੂਨ 2019 ਤੋਂ ਸ਼ੁਰੂ ਹੋ ਜਾਵੇ। ਜਿਸਦੀ ਸਮਰੱਥਾ 3000 ਟੀਸੀਡੀ ਅਤੇ 15 ਮੈਗਾਵਾਟ ਬਿਜਲੀ ਪੈਦਾ ਕਰਨ ਦੇਵੇ ਦੀ ਹੋਵੇਗੀ।

ਚੋਧਰੀ ਸੰਤੋਖ ਸਿੰਘ ਨੇ ਕਿਹਾ ਕਿ ਪੈਦਾ ਹੋਣ ਵਾਲੀ 15 ਮੈਗਾਵਾਟ ਬਿਜਲੀ ਵਿਚੋਂ ਸਾਢੇ ਅੱਠ ਮੈਗਾਵਾਟ ਬਿਜਲੀ ਪੰਜਾਬ ਸਟੇਟ ਪਾਵਰ ਕਾਰਪੋਰੇਵਸ਼ਨ ਨੂੰ ਬੇਚੀ ਜਾਵੇਗੀ ਜਿਸ ਨਾਲ ਨਾ ਸਿਰਫ ਗੰਨਾ ਉਤਪਾਦਕਾਂ ਨੂੰ ਹੀ ਫਾਇਦਾ ਹੋਵੇਗਾ ਬਲਕਿ ਇਸ ਨਾਲ ਇਲਾਕੇ ਦੇ ਨੌਜਵਾਨਾਂ ਲਈ ਰੁਜਗਾਰ ਦੇ ਹੋਰ ਵਧੇਰੇ ਮੌਕੇ ਪੈਦਾ ਹੋਣਗੇ। ਸਾਬਕਾ ਸੰਸਦ ਮੈਂਬਰ ਸ੍ਰੀ ਮਹਿੰਦਰ ਸਿੰਘ ਕੇਪੀ ਆਪਣੇ ਸੰਬੋਧਨ ਵਿਚ ਚੋਧਰੀ ਸੰਤੋਖ ਸਿੰਘ ਨੂੰ ਆਦਮਪੁਰ ਹਲਕੇ ਤੋਂ ਵੱਡੀ ਲੀਡ ਦਿਵਾਉਣ ਦਾ ਭਰੋਸਾ ਦਿਵਾਇਆ। ਉਨਾਂ ਕਿਹਾ ਕਿ ਲੋਕ ਪਹਿਲਾਂ ਤੋਂ ਹੀ ਆਪਣਾ ਮੰਨ ਮੋਦੀ ਸਰਕਾਰ ਨੂੰ ਸੱਤਾ ਵਿਚੋਂ ਬਾਹਰ ਕਰਨ ਲਈ 19 ਮਈ ਨੂੰ ਵੋਟਾਂ ਵਾਲੇ ਦਿਨ ਕਾਂਗਰਸ ਦੇ ਚੋਣ ਨਿਸ਼ਾਨ ‘ਹਥ’ ਦਾ ਬਟਨ ਦਬਾਉਣ ਲਈ ਬਣਾ ਚੁਕੇ ਹਨ।

ਚੋਧਰੀ ਸੰਤੋਖ ਸਿੰਘੀ ਨੇ ਦਾਅਵਾ ਕੀਤਾ ਕਿ ਆਦਮਪੁਰ ਹਵਾਈ ਅੱਡਾ ਕਾਂਗਰਸ ਦੀ ਬਦੌਲਤ ਹੀ ਸ਼ੁਰੂ ਹੋ ਸਕਿਆ ਹੈ ਅਤੇ ਸੱਤਾ ਵਿਚ ਆਉਣ ਤੇ ਕਾਂਗਰਸ ਇਥੋਂ ਨਾ ਸਿਰਫ ਹੋਰ ਉਡਾਣਾਂ ਸ਼ੁਰੂ ਕਰੇਗੀ ਬਲਕਿ ਆਉਣ ਵਾਲੇ ਸਾਲਾਂ ਵਿਚ ਇਸਨੂੰ ਅੰਤਰਾਰਸ਼ਟਰੀ ਹਵਾਈ ਅੱਡਾ ਬਣਾਵੇਗੀ ਅਤੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਹਵਾਈ ਅੱਡੇ ਦੀ ਤਰਜ਼ ਤੇ ਇਸਦਾ ਨਾਮ ਸ੍ਰੀ ਗੁਰੂ ਰਵਿਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਮ ਤੇ ਰਖਿਆ ਜਾਵੇਗਾ।